ਜਲੰਧਰ (ਬਸੰਤ)
ਆਸ਼ਾ ਵਰਕਰਾਂ ਅਤੇ ਫਸੀਲੀਟੇਟਰ ਯੂਨੀਅਨ ਪੰਜਾਬ ਸੀਟੂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆੰ ਸੈਕਟਰੀ ਮਧੂ ਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਆਸ਼ਾ ਵਰਕਰਾਂ ਅਤੇ ਫਸੀਲੀਟੇਟਰਾਂ ਦੀਆਂ ਜਾਇਜ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ ਅਤੇ ਉਨ੍ਹਾਂ ਦੀਆੰ ਮੰਗਾਂ ਨੂੰ ਪੰਜਾਬ ਸਰਕਾਰ ਵਲੋਂ ਅਣਗੌਲਿਆ ਜਾ ਰਿਹਾ ਹੈ। ਮੰਗਾਂ ਸਬੰਧੀ ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਸੋਨੀ ਪੰਜਾਬ ਨਾਲ ਹੋਏ ਸਮਝੌਤੇ ਅਨੁਸਾਰ ਹਰਿਆਣਾ ਪੈਟਰਨ ਲਾਗੂ ਕਰਨ ਸਬੰਧੀ ਨੋਟੀਿਫਕੇਸ਼ਨ ਜਾਰੀ ਕੀਤਾ ਜਾਵੇ। ਆਸ਼ਾ ਵਰਕਰ ਤੇ ਫਸੀਲੀਟੇਟਰ ਨੂੰ ਸਟੇਸ਼ਨਰੀ ਸਮੇਤ ਮੋਬਾਈਲ ਸੈੱਟ ਦਿੱਤੇ ਜਾਣ ਤੇ ਨੈੱਟ ਪੈਕ ਦਾ ਖਰਚਾ ਦਿੱਤਾ ਜਾਵੇ ਕਿਉਂਕਿ ਹਰ ਕੰਮ ਦੀ ਫੋਟੋ ਆਸ਼ਾ ਵਰਕਰ ਖਿੱਚ ਕੇ ਪਾਉਂਦੀ ਹੈ ਅਤੇ ਹਰ ਕੰਮ ਆਨਲਾਈਨ ਰਿਪੋਰਟ ਮੰਗੀ ਜਾਂਦੀ ਹੈ। ਯੂਨੀਫਾਰਮ ਦਾ ਬੱਝਵਾਂ ਭੱਤਾ 5 ਹਜ਼ਾਰ ਰੁਪਏ ਹਰ ਵਰਕਰ ਨੂੰ ਦਿੱਤੇ ਜਾਣ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਸਿਵਲ ਹਸਪਤਾਲ ਚ ਸਿਹਤ ਮੰਤਰੀ ਵਲੋਂ ਮੰਗ ਮੰਨੀ ਗਈ ਹੈ ਜੇਕਰ ਆਸ਼ਾ ਵਰਕਰ ਰਾਤ ਸਮੇਂ ਕੇਸ ਕਰਵਾਉਣ ਲਈ ਜਾਂਦੀ ਹੈ ਤਾਂ ਉਸ ਨੂੰ ਕਮਰਾ ਜਾਰੀ ਕੀਤਾ ਜਾਵੇ। ਆਸ਼ਾ ਵਰਕਰ ਅਤੇ ਫਸੀਲੀਟੇਟਰ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਬਿਨਾਂ ਹੋਰ ਕੰਮ ਨਾ ਦਿੱਤਾ ਜਾਵੇ। ਕੋਵਿਡ-19 ਓਮੀਕ੍ਰੋਨ ਸਟ੍ਰੇਨ ਦੀ ਤੀਜੀ ਲਹਿਰ ਸ਼ੁਰੂ ਹੈ ਉਸ ਚ ਆਸ਼ਾ ਤੇ ਫਸੀਲੀਟੇਟਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਤੋਂ ਆਏ ਲੋਕਾਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਚ ਆਸ਼ਾ ਤੇ ਫਸੀਲੀਟੇਟਰ ਨੂੰ ਮਾਸਕ, ਗਲਵਜ ਅਤੇ ਸੈਨੀਟਾਈਜਰ ਦਿੱਤੇ ਜਾਣ। ਕੋਵਿਡ ਦਾ 2500 ਰੁਪਏ ਤੋਂ ਵਾਧਾ ਕਰਕੇ 5000 ਰੁਪਏ ਕੀਤਾ ਜਾਵੇ। ਜੇਕਰ ਕੰਮ ਕਰਦਿਆਂ ਆਸ਼ਾ ਜਾਂ ਫਸੀਲੀਟੇਟਰ ਦੀ ਮੌਤ ਹੁੰਦੀ ਹੈ ਤਾਂ 5 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਅਤੇ ਕੋਵਿਡ ਹੁੰਦਾ ਹੈ ਤਾਂ 20 ਹਜ਼ਾਰ ਰੁਪਏ ਦਿੱਤੇ ਜਾਣ। ਅਕਤੂਬਰ ਮਹੀਨੇ ਤੋਂ ਬਣਦੇ ਬਕਾਏ ਦਿੱਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਆਸ਼ਾ ਵਰਕਰ ਅਤੇ ਫਸੀਲੀਟੇਟਰ ਦੀਆਂ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।